New Gaza
By Marwan Makhoul
Improvisation by Oumenia El Khalif
Punjabi Translation by Jasdeep Singh
հայերէն (Armenian) | বাংলা (Bangla) | English | ગુજરાતી (Gujarati) | हिन्दी (Hindi) | മലയാളം (Malayalam) | मराठी (Marathi) | ਪੰਜਾਬੀ (Punjabi) | தமிழ் (Tamil) | తెలుగు (Telugu) | اردو (Urdu)
ਨਵਾਂ ਗਾਜ਼ਾ
Marwan Makhoul: ਮਾਰਵਾਨ ਮਾਖੌਲ
ਵਕਤ ਬਚਿਆ ਨਹੀਂ
ਇਸ ਲਈ
ਆਪਣੀ ਮਾਂ ਦੀ ਕੁੱਖ ਚ ਨਾਂ ਬੈਠਾ ਰਹਿ
ਮੇਰੇ ਪਿਆਰੇ ਬੱਚੇ ਜਲਦੀ ਆ
ਇਸ ਲਈ ਨਹੀਂ ਕਿ ਮੈਨੂੰ ਤੇਰੀ ਉਡੀਕ ਹੈ
ਪਰ ਇਸ ਲਈ ਕਿ ਜੰਗ ਚੱਲ ਰਹੀ ਹੈ
ਤੇ ਮੈਨੂੰ ਡਰ ਹੈ ਕਿ ਤੂੰ ਅਪਣਾ ਵਤਨ ਨਹੀਂ
ਦੇਖ ਸਕੇਂਗਾ ਜੋ ਮੈਂ ਦਿਖਾਉਣਾ ਚਾਹੁੰਦੀ ਹਾਂ
ਤੈਨੂੰ
…
ਤੇਰਾ ਵਤਨ ਮਿੱਟੀ ਨਹੀਂ ਹੈ
ਨਾਂ ਹੀ ਸਮੁੰਦਰ ਜਿਸ ਨੇ ਸਾਡੀ ਬਦਕਿਸਮਤੀ ਦੇਖਣ ਤੋਂ ਪਹਿਲਾਂ ਹੀ
ਮੌਤ ਕਬੂਲ ਲਈ:
ਇਹ ਤੇਰੇ ਲੋਕ ਨੇ
ਆ ਤੇ ਇਸ ਨੂੰ ਜਾਣ
ਇਸ ਤੋਂ ਪਹਿਲਾਂ ਕੇ ਬੰਬ ਬਰਬਾਦੀ ਖਿਲਾਰਨ
ਅਤੇ ਮੇਰੇ ਕੋਲ ਉਹਨਾਂ ਦੇ ਫੁੱਲ ਚੁਗਣ
ਤੋਂ ਸਿਵਾ ਕੁਝ ਨਾ ਬਚੇ
ਤੇ ਤੈਨੂੰ ਇਹ ਜਾਨਣ ਤੋਂ ਬਿਨਾ ਕੇ ਜਿਹੜੇ
ਚੱਲ ਵਸੇ ਖੂਬਸੂਰਤ
ਅਤੇ ਮਾਸੂਮ ਸਨ
ਕਿ ਉਹਨਾਂ ਦੇ ਵੀ ਬੱਚੇ ਸਨ
ਤੇਰੇ ਜਿਹੇ
ਜਿਹੜੇ ਮੁਰਦਿਆਂ ਲਈ ਬਣੇ ਫ਼ਰੀਜਰਾਂ ਤੋਂ
ਬਚ ਕੇ ਨਿਕਲ ਜਾਂਦੇ ਨੇ
ਹਰੇਕ ਹਮਲੇ ਵੇਲ਼ੇ ਕਿ ਉਹ ਯਤੀਮ
ਜਿੰਦਗੀ ਦੀ ਰੱਸੀ
ਟੱਪ ਸਕਣ
…
ਜੇ ਤੂੰ ਦੇਰ ਕਰ ਦਿੱਤੀ ਤਾਂ ਤੂੰ ਸ਼ਾਇਦ ਮੇਰੇ ਤੇ
ਵਿਸ਼ਵਾਸ਼ ਨਾ ਕਰੇਂ ਕਿ ਇਹ
ਇਕ ਵਤਨ ਹੈ
ਅਪਣੇ ਲੋਕਾਂ ਤੋਂ ਵਿਹੂਣਾ
ਕਿ ਅਸੀਂ ਕਦੇ
ਏਥੇ ਹੈ ਹੀ ਨਹੀਂ ਸਾਂ
ਦੋ ਵਾਰ ਜਲਾਵਤਨੀ ਸਹਿ ਕੇ
ਅਸੀਂ ਬਾਗ਼ੀ ਹੋ ਗਏ
ਪਝੱਤਰ ਸਾਲ ਵਾਸਤੇ
ਸਾਡੀ ਕਿਸਮਤ ਅਜਮਾਉਣ ਲਈ
ਜਦੋਂ ਸਾਡੀ ਕਿਸਮਤ ਬਦ ਤੋਂ ਬਦਤਰ ਹੋ ਗਈ
ਅਤੇ ਉਮੀਦ ਸੁਆਹ ਹੋ ਗਈ
…
ਇਹ ਬੋਝ ਬਹੁਤ ਜਿਆਦਾ ਹੈ
ਤੇਰੇ ਚੱਕ ਸਕਣ ਦੀ ਸਮਰਥਾ ਤੋਂ ਜਿਆਦਾ
ਮੈਂ ਜਾਣਦੀ ਹਾਂ, ਪਰ ਮੈਨੂੰ ਮਾਫ਼ ਕਰ ਦੇਵੀਂ ਕਿ
ਇਕ ਹਿਰਨੀ ਵਾਂਙ
ਜਨਮ ਦਿੰਦਿਆਂ ਡਰੀ ਹੋਈ ਹਾਂ
ਘੁਰਨੇ ਦੇ ਪਿੱਛੇ ਲੁਕੇ ਲੱਕੜਬੱਗਿਆਂ ਤੋਂ
ਕਿਤੇ ਧਾਵਾ ਨਾ ਬੋਲ ਦੇਣ। ਜਲਦੀ ਆ ਜਾ ਅਤੇ ਦੌੜ
ਇੰਨੀ ਦੂਰ ਦੌੜ
ਕਿ ਮੈਂ ਅਫਸੋਸ ਨਾਲ਼ ਹੀ ਨਾਂ ਮਰ ਜਾਵਾਂ।
…
ਕੱਲ ਰਾਤ, ਬੇਚੇਨੀ ਨੇ ਮੈਨੂੰ ਥਕਾ ਦਿੱਤਾ
ਮੈਂ ਕਿਹਾ, ਸ਼ਾਂਤ ਰਹਿ।
ਇਸ ਦਾ ਓਹਦੇ ਨਾਲ਼ ਕੀ ਮਤਲਬ ਹੈ?
ਮੇਰੇ ਨਿਕੜਿਆ, ਪੌਣ ਦਿਆ ਬੱਚਿਆ
ਇਸ ਤੁਫ਼ਾਨ ਦਾ ਓਹਦੇ ਨਾਲ਼ ਕੀ ਮਤਲਬ ਹੈ?
ਪਰ ਅੱਜ ਮੈਨੂੰ ਵਾਪਿਸ ਆਉਣਾ ਪੈ ਗਿਆ
ਇਹ ਖ਼ਬਰ ਲੈ ਕੇ:
ਉਹਨਾਂ ਗ਼ਾਜ਼ਾ ਦੇ ਬੈਪਟਿਸਟ ਹਸਪਤਾਲ ਬੰਬ ਸੁੱਟੇ
500 ਹਲਾਕਾਂ ਵਿਚੋਂ ਇਕ ਬੱਚਾ ਸੀ
ਜਿਹੜਾ ਅਪਣੇ ਭਾਈ ਨੂੰ ਬੁਲਾ ਰਿਹਾ ਸੀ, ਜਿਸ ਦਾ ਅੱਧਾ ਮੂੰਹ ਬੰਬ ਲੈ ਗਿਆ
ਅਤੇ ਅੱਖਾਂ ਖੁੱਲੀਆਂ ਸਨ: “ਮੇਰੇ ਭਾਈ!
ਤੂੰ ਮੈਨੂੰ ਦੇਖ ਰਿਹੈਂ?”
ਉਸਨੂੰ ਉਹ ਦੇਖ ਨਹੀਂ ਰਿਹਾ
ਜਿਵੇਂ ਮਸ਼ਰੂਫ਼ ਸੰਸਾਰ
ਜਿਸ ਨੇ ਦੋ ਘੰਟੇ ਇਸ ਮਾਮਲੇ ਨੂੰ ਨਿੰਦਿਆ ਅਤੇ ਸੌਂ ਗਿਆ
ਉਸਨੂੰ ਭੁੱਲ ਜਾਣ ਲਈ
ਉਸਦੇ ਭਾਈ ਨੂੰ ਭੁੱਲ ਜਾਣ ਲਈ
ਉਸਨੂੰ ਨਹੀਂ ਦੇਖ ਰਿਹਾ
…
ਤੈਨੂੰ ਹੁਣ ਕੀ ਦੱਸਿਆ ਜਾਵੇ?
ਆਪਦਾ ਅਤੇ ਤਬਾਹੀ ਭੈਣਾਂ ਨੇ
ਦੋਵਾਂ ਨੇ ਬਿਫ਼ਰ ਕੇ ਮੇਰੇ ਤੇ ਧਾਵਾ ਬੋਲਿਆ
ਜਦੋਂ ਤੱਕ ਮੇਰੇ ਬੁੱਲ ਫਰਕਣ ਨਾ ਲੱਗੇ ਅਤੇ ਉਹਨਾਂ ਚੋਂ
ਮੁਰਦਾ ਦੇ ਸਾਰੇ ਦੇ ਸਾਰੇ ਸ਼ਬਦ ਸਮਾਨਅਰਥ
ਨਹੀਂ ਕਿਰੇ
ਜੰਗ ਦੇ ਸਮਿਆਂ ਵਿਚ ਕਿਸੇ ਸ਼ਾਇਰ ਤੋਂ ਤਾਂ ਆਸ ਹੀ ਨਾਂ ਰੱਖੋ
ਉਹ ਕੱਛੂਕੁੰਮੇ ਵਾਂਙ ਸੁਸਤ ਹੁੰਦਾ ਹੈ
ਕਿਸੇ ਕਤਲੇਆਮ ਨੂੰ ਪਾਰ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ
ਕਤਲੇਆਮ ਜਿਹੜਾ ਖਰਗੋਸ਼ ਵਾਂਙ ਦੌੜਦਾ ਹੈ
ਕੱਛੂਕੁੰਮਾ ਸਰਕਦਾ ਹੈ
ਅਤੇ ਖਰਗੋਸ਼ ਜ਼ੁਰਮ ਤੋਂ ਜ਼ੁਰਮ ਛੜੱਪੇ ਮਾਰਦਾ ਹੈ
ਏਥੋਂ ਤੱਕ ਕੇ ਚਰਚ ਵੀ ਬੰਬਗ੍ਰਸਤ ਹੈ
ਉਸ ਰੱਬ ਦੀ ਨਿਗਾਹਬੀਨੀ ਚ ਜਿਹੜਾ ਹੁਣੇ
ਉਸ ਮਸਜਿਦ ਤੋਂ ਜਿਹੜੀ ਮਿੱਟੀ ਚ ਮਿਲ ਗਈ ਹੈ
ਜਿਸਨੂੰ ਮਸੀਹੇ ਦੀ ਓਟ ਵਿਚ ਨਿਸ਼ਾਨਾ ਬਣਾਇਆ ਗਿਆ। ਮਸੀਹਾ ਕਿੱਥੇ ਹੈ
ਜੋ ਸਾਡਾ ਪਿਓ ਅਸਮਾਨ ਵਿਚ ਹੈ ਉਹ ਹਵਾਈ ਜਹਾਜ ਹੈ
ਇੱਕੋ ਇਕ ਅਤੇ ਬਿਨਾਂ ਕਿਸੇ ਸਾਥੀ ਦੇ
ਤੇ ਜਿਹੜਾ ਹੈ ਉਹ ਸਾਡੇ ਉੱਤੇ ਬੰਬ ਸੁੱਟਣ ਆਇਆ ਹੈ
ਪਰ ਜੇ ਕੋਈ ਨਿਸ਼ਾਨਾ ਉਸ ਫ਼ੁੰਡਿਆ ਹੈ ਤਾਂ ਉਹ ਸਾਡਾ ਵਿਸ਼ਵਾਸ਼ ਹੈ।
ਮੇਰੇ ਬੱਚੇ, ਸਲੀਬ ਤੇ ਹੁਣ
ਬਹੁਤ ਸਾਰੇ ਮਸੀਹਿਆਂ ਲਈ ਜਗ੍ਹਾ ਹੈ।
ਰੱਬ ਸਭ ਜਾਣੀ ਜਾਣ ਹੈ
ਪਰ ਤੂੰ ਤੇ ਤੇਰੇ ਜਿਹੇ ਹੋਰ ਮਾਸੂਮਾਂ
ਨੂੰ ਹਲੇ ਨਹੀਂ ਪਤਾ ਹੈ।
Jasdeep Singh: ਜਸਦੀਪ ਸਿੰਘ